ਮੇਰੀ ਪਿਆਰੀ ਸਰੋਜ ਭੈਣੇ,
ਅੱਜ ਮੇਰਾ ਮਨ ਉਦਾਸ ਹੈ। ਤੇਰੀ ਯਾਦ ਦਾ ਹਰ ਧਾਗਾ ਅੱਜ ਵੀ ਮੇਰੇ ਦਿਲ ’ਚ ਜਿਉਂਦਾ-ਜਾਗਦਾ ਹੈ। ਰੱਖੜੀ ਦੇ ਇਸ ਪਵਿੱਤਰ ਦਿਨ ’ਤੇ ਤੇਰੇ ਹੱਥਾਂ ਦਾ ਨਰਮ ਸਪਰਸ਼, ਕਲਾਈ ’ਤੇ ਬੰਨ੍ਹੀ ਰੱਖੜੀ ਦੀ ਮਹਿਕ—ਸਭ ਕੁਝ ਅਜੇ ਵੀ ਮੇਰੀਆਂ ਸਾਹਾਂ ’ਚ ਗੂੰਜਦਾ ਹੈ, ਜਿਵੇਂ ਕੱਲ ਕਲ੍ਹ ਦੀ ਗੱਲ ਹੋਵੇ।
ਸਰੋਜ ਭੈਣੇ, ਭਾਵੇਂ ਤੂੰ ਸਰੀਰਕ ਤੌਰ ’ਤੇ ਮੇਰੇ ਵਿਚਕਾਰ ਨਹੀਂ, ਪਰ ਤੇਰਾ ਪਿਆਰ ਮੇਰੀ ਕਲਾਈ ’ਤੇ ਬੱਝੀ ਰੱਖੜੀ ਵਾਂਗ ਸਦਾ ਮੇਰੇ ਨਾਲ ਹੈ। ਹਰ ਧਾਗੇ ’ਚ ਤੇਰੀਆਂ ਦੁਆਵਾਂ, ਤੇਰੀ ਚਿੰਤਾ ਅਤੇ ਇਸ ਭਰਾ ਲਈ ਅਟੁੱਟ ਸੱਚਾ ਪਿਆਰ ਸਮਾਇਆ ਹੋਇਆ ਹੈ।
ਅੱਜ ਤੇਰੀ ਯਾਦ ਹੀ ਮੇਰੀ ਸੱਚੀ ਰੱਖੜੀ ਹੈ—ਇਹ ਮੈਨੂੰ ਬਚਾਉਂਦੀ ਹੈ, ਮੈਨੂੰ ਤੇਰੇ ਅਮਰ ਪਿਆਰ ਦਾ ਅਹਿਸਾਸ ਕਰਾਉਂਦੀ ਹੈ। ਤੇਰਾ ਸਾਹਾਂ ’ਚ ਵੱਸਣਾ ਹੀ ਮੇਰੀ ਅਸਲ ਰੱਖਿਆ ਹੈ।
ਸਰੋਜ ਭੈਣੇ, ਤੇਰੀਆਂ ਮਿੱਠੀਆਂ ਯਾਦਾਂ ਮੇਰੇ ਦਿਲ ਦੀ ਰੌਸ਼ਨੀ ਹਨ। ਅਸਲ ਵਿਚ ਤੂੰ ਐਸੀ ਗਈ, ਮੇਰਾ ਸਭ ਕੁਝ ਨਾਲ ਲੈ ਗਈ ਪਰ ਮੈਂਨੂੰ ਯਕੀਨ ਹੈ ਕਿ ਭੈਣੇ ਤੇਰਾ ਪਿਆਰ, ਤੇਰੀਆਂ ਯਾਦਾਂ ਅਤੇ ਤੇਰੀ ਰੱਖੜੀ ਦੀ ਛਤਰੀ ਸਦਾ ਹੀ ਮੇਰੇ ਸਿਰ ’ਤੇ ਰਹੇਗੀ।
ਮੈਂ ਤੇਰੀ ਯਾਦ ’ਤੇ ਭਾਵਾਂ ਦੇ ਫੁੱਲ ਚੜ੍ਹਾਉਂਦਾ ਹਾਂ। ਰੱਬ ਤੇਰੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ੇ ਅਤੇ ਤੇਰਾ ਪਿਆਰ ਸਦਾ ਮੇਰੇ ਦਿਲ ’ਚ ਰੱਖੜੀ ਦੀ ਤਰ੍ਹਾਂ ਜਗਮਗਾਉਂਦਾ ਰਹੇ।
ਆਮੀਨ।
ਤੇਰਾ ਵੀਰ,
ਇਕਬਾਲ ਸਿੰਘ ਸੰਧੂ